ਜਗਰਾਉਂ, (ਵਰਿਆਮ ਹਠੂਰ)-ਇੱਕ ਪਾਸੇ ਦਲਿਤਾਂ ਨੂੰ ਘਰੇਲੂ ਬਿਜਲੀ ਬਿੱਲਾਂ ਤੇ ਪ੍ਰਤੀ ਮਹੀਨਾ 200 ਯੂਨਿਟ ਮੁਆਫੀ ਦੀ ਸਹੂਲਤ ਦਿੱਤੀ ਗਈ ਹੈ ਪਰ ਦੂਜੇ ਪਾਸੇ ਦਿਹਾੜੀਦਾਰ ਦਲਿਤ ਪਰਿਵਾਰਾਂ ਨੂੰ 5 ਹਜ਼ਾਰ, 10 ਹਜ਼ਾਰ, 20 ਹਜ਼ਾਰ, 25 ਹਜ਼ਾਰ, ਅਤੇ 50 ਹਜ਼ਾਰ ਤੋਂਂ ਲੈਕੇ ਲੱਖਾਂ ਰੁਪਿਆਂ ਵਿੱਚ ਬਿਜਲੀ ਬਿੱਲ ਭੇਜੇ ਗਏ ਹਨ। ਪਾਵਰਕਾਮ ਵੱਲੋਂ ਦਲਿਤ ਮਜ਼ਦੂਰ ਪਰਿਵਾਰਾਂ ਨੂੰ ਵੱਡੀਆਂ ਰਕਮਾਂ ਵਿੱਚ ਭੇਜੇ ਬਿਜਲੀ ਬਿੱਲਾਂ ਦੀ ਅਦਾਇਗੀ ਨਾ ਹੋਣ ਕਾਰਨ ਇਨ੍ਹਾਂ ਗ਼ਰੀਬ ਪਰਿਵਾਰਾਂ ਦੇ ਬਿਜਲੀ ਕੁਨੈਕਸ਼ਨ ਕੱਟ ਕੇ ਤੱਪਦੀ ਗਰਮੀ ਵਿੱਚ ਬਿਜਲੀ ਤੋਂ ਵਾਝਾਂ ਕੀਤਾ ਜਾ ਰਿਹਾ ਹੈ, ਮੱਛਰ ਅਤੇ ਗਰਮੀ ਕਾਰਨ ਮਜ਼ਦੂਰਾਂ ਦਾ ਬੁਰਾ ਹਾਲ ਹੈ। ਤੇ ਪੰਜਾਬ ਸਰਕਾਰ ਦਲਿਤਾਂ ਨਾਲ ਬਿਜਲੀ ਬਿੱਲ ਮੁਆਫੀ ਦੇ ਨਾਂ ਤੇ ਧੋਖਾ ਕਰ ਰਹੀ ਹੈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਨੇ ਦੱਸਿਆ ਕਿ ਉਹ ਪੰਜਾਬ ਸਰਕਾਰ ਅਤੇ ਪਾਵਰਕਾਮ ਵੱਲੋਂ ਦਲਿਤ ਪਰਿਵਾਰਾਂ ਨਾਲ ਕੀਤੀ ਜਾ ਰਹੀ ਇਸ ਧੱਕੇਸ਼ਾਹੀ ਦੇ ਖਿਲਾਫ਼ ਮਜ਼ਦੂਰਾਂ ਨੂੰ ਲਾਮਬੰਦ ਕਰਕੇ ਸੰਘਰਸ਼ ਸ਼ੁਰੂ ਕਰਨਗੇ। ਉਹਨਾਂ ਕਿਹਾ ਕਿ ਕਿਸੇ ਵੀ ਦਲਿਤ ਮਜ਼ਦੂਰ ਪਰਿਵਾਰ ਨੂੰ ਬਿਜਲੀ ਸਪਲਾਈ ਤੋਂ ਵਾਝਾਂ ਨਹੀਂ ਹੋਣ ਦਿੱਤਾ ਜਾਵੇਗਾ। ਇਸ ਸਬੰਧੀ ਅੱਜ ਪਿੰਡ ਰਸੂਲਪੁਰ ਵਿਖੇ ਪਾਵਰ ਕਾਮ ਵੱਲੋਂ ਦਲਿਤ ਪਰਿਵਾਰਾਂ ਦੇ ਕੁਨੈਕਸ਼ਨ ਕੱਟਣ ਦਾ ਵਿਰੋਧ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗਰੀਬੂ ਸਿੰਘ, ਜਿੰਦਰ ਸਿੰਘ, ਕਰਮ ਸਿੰਘ, ਅਜੈਬ ਸਿੰਘ, ਗੁਰਮੇਲ ਕੌਰ, ਰਣਜੀਤ ਕੌਰ, ਸ਼ਿੰਦਰ ਕੌਰ ਸਮੇਤ ਹੋਰ ਵੀ ਹਾਜ਼ਰ ਸਨ।
Related Articles
Check Also
Close