ਕਾਂਗਰਸੀ ਮੰਤਰੀਆਂ, ਸੰਸਦ ਮੈਂਬਰਾਂ ਅਤੇ ਵਿਧਾਇਕਾਂ ਦੇ ਰਿਹਾਇਸ਼ੀ ਘਰਾਂ ਅੱਗੇ 1 ਤੋਂ 3 ਸਤੰਬਰ ਤੱਕ ਰੋਸ ਪ੍ਰਦਰਸ਼ਨ ਕੀਤੇ ਜਾਣਗੇ- (ਪ੍ਰਧਾਨ ਰਸੂਲਪੁਰ)
ਜਗਰਾਉਂ, (ਵਰਿਆਮ ਹਠੂਰ) ਪੇਂਡੂ ਤੇ ਖੇਤ ਮਜ਼ਦੂਰ ਜੱਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਪੰਜਾਬ ਅੰਦਰ ਸੱਤਾਧਾਰੀ ਕਾਂਗਰਸੀ ਕੈਪਟਨ ਸਰਕਾਰ ਤੋਂ ਮਜ਼ਦੂਰਾਂ ਨਾਲ ਕੀਤੇ ਚੋਣ ਵਾਅਦੇ ਪੂਰੇ ਕਰਵਾਉਣ ਅਤੇ ਮੰਗਾਂ ਮਸਲਿਆਂ ਦੇ ਹੱਲ ਲਈ ਕਾਂਗਰਸੀ ਮੰਤਰੀਆਂ, ਸੰਸਦ ਮੈਂਬਰਾਂ ਤੇ ਵਿਧਾਇਕਾਂ ਦੇ ਰਿਹਾਇਸ਼ੀ ਘਰਾਂ ਦੇ ਸਾਹਮਣੇ 1 ਸਤੰਬਰ ਤੋਂ 3 ਸਤੰਬਰ ਤੱਕ ਲਗਾਤਾਰ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਗੱਲਬਾਤ ਕਰਦਿਆਂ ਪ੍ਰਧਾਨ ਅਵਤਾਰ ਸਿੰਘ ਤਾਰੀ ਰਸੂਲਪੁਰ ਨੇ ਕਿਹਾ ਕਿ ਸਾਂਝੇ ਮਜ਼ਦੂਰ ਮੋਰਚੇ ਦੇ ਉੱਕਤ ਸੂਬਾਈ ਸੱਦੇ ਨੂੰ ਲਾਗੂ ਕਰਨ ਲਈ ਲੁਧਿਆਣਾ ਦਿਹਾਤੀ ਨਾਲ ਸਬੰਧਿਤ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਅਵਤਾਰ ਸਿੰਘ ਰਸੂਲਪੁਰ, ਸੁਖਦੇਵ ਸਿੰਘ ਮਾਣੂੰਕੇ, ਪੇਂਡੂ ਮਜ਼ਦੂਰ ਯੂਨੀਅਨ (ਮਸਾਲ) ਵੱਲੋਂ ਸੁਖਦੇਵ ਸਿੰਘ ਭੂੰਦੜੀ, ਦਿਹਾਤੀ ਮਜ਼ਦੂਰ ਸਭਾ ਵੱਲੋਂ ਹੁਕਮ ਰਾਜ ਦੇਹੜਕਾ ਅਤੇ ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਪਰਚਮ ਵੱਲੋਂ ਮਦਨ ਸਿੰਘ ਜਗਰਾਉਂ ਆਦਿ ਨੇ ਕਮੇਟੀ ਪਾਰਕ ਜਗਰਾਉਂ ਵਿਖੇ ਇਕੱਤਰ ਹੋਕੇ ਇਸ ਸਬੰਧੀ ਸਾਂਝੀ ਮੀਟਿੰਗ ਕੀਤੀ ਹੈ। ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਨੇ ਕਿਹਾ ਕਿ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਸਾਂਝੇ ਮਜ਼ਦੂਰ ਮੋਰਚੇ ਦੇ ਸੱਦੇ ਨੂੰ ਲਾਗੂ ਕਰਨ ਲਈ ਕਾਂਗਰਸੀ ਸੰਸਦ ਮੈਂਬਰ ਡਾਕਟਰ ਅਮਰ ਸਿੰਘ ਦੀ ਰਾਏਕੋਟ ਸਥਿਤ ਰਿਹਾਇਸ਼ ਸਾਹਮਣੇ ਉਕਤ ਸਮੇਂ ਅਨੁਸਾਰ ਤਿੰਨ ਦਿਨ ਧਰਨਾ ਲਾਇਆ ਜਾਵੇਗਾ। ਮੀਟਿੰਗ ਵਿੱਚ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ, ਮਜ਼ਦੂਰਾਂ ਦੇ ਬਿਜਲੀ ਬਿੱਲ ਬਕਾਇਆ ਅਤੇ ਸਮੁੱਚੇ ਕਰਜ਼ਿਆਂ ਤੇ ਲੀਕ ਮਾਰੀ ਜਾਵੇ। ਮਨਰੇਗਾ ਤਹਿਤ ਪੂਰਾ ਸਾਲ ਕੱਮ ਦਿੱਤਾ ਜਾਵੇ ਅਤੇ ਦਿਹਾਤੀ 600 ਰੁਪਏ ਕੀਤੀ ਜਾਵੇ। ਬੁਢਾਪਾ ਵਿਧਵਾ ਅਤੇ ਅੰਗਹੀਣਾਂ ਲਈ ਪੈਨਸ਼ਨ 5000 ਰੁਪਏ ਕਰਕੇ ਮਹੀਨਾ ਦਰ ਮਹੀਨਾ ਦਿੱਤੀ ਜਾਵੇ। ਲੋੜਵੰਦ ਮਜ਼ਦੂਰਾਂ ਨੂੰ 10-10 ਮਰਲੇ ਦੇ ਰਿਹਾਇਸ਼ੀ ਪਲਾਟ ਦੇ ਕੇ ਮਕਾਨ ਉਸਾਰੀ ਲਈ ਗਰਾਂਟ ਜਾਰੀ ਕੀਤੀ ਜਾਵੇ। ਪੰਚਾਇਤੀ ਜ਼ਮੀਨਾਂ ਚੋਂ ਤੀਜੇ ਹਿੱਸੇ ਦੀ ਜ਼ਮੀਨ ਤੇ ਦਲਿਤਾਂ ਦੇ ਹੱਕ ਬਹਾਲੀ ਯਕੀਨੀ ਬਣਾਈ ਜਾਵੇ। ਜ਼ਮੀਨੀ ਸੁਧਾਰ ਲਾਗੂ ਕੀਤੇ ਜਾਣ। ਦਲਿਤ ਅਬਾਦੀ ਦੇ ਅਨੁਪਾਤ ਅਨੁਸਾਰ ਸਰਕਾਰੀ ਖਜ਼ਾਨੇ ਵਿਚੋਂ ਦਲਿਤਾਂ ਦੀ ਭਲਾਈ ਲਈ ਗ੍ਰਾਂਟਾਂ ਜਾਰੀ ਕੀਤੀਆਂ ਜਾਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਖ਼ਤੌਰ ਸਿੰਘ, ਸੱਤਪਾਲ ਸਿੰਘ, ਦੀਵਾਨ ਸਿੰਘ, ਬਾਰਦਾਨਾਂ ਸਿਲਾਈ ਯੂਨੀਅਨ ਦੇ ਪ੍ਰਧਾਨ ਹੀਰਾ ਲਾਲ ਆਦਿ ਵੀ ਹਾਜ਼ਰ ਸਨ।