ਦਿੱਲੀ- (ਵਰਿਆਮ ਹਠੂਰ)- ਸੁੰਯੁਕਤ ਕਿਸਾਨ ਮੋਰਚੇ ਵੱਲੋਂ ਸੰਸਦ ਅੱਗੇ ਲਗਾਈਆਂ ਜਾਣ ਵਾਲੀਆਂ ਡਿਊਟੀਆਂ ਵਿੱਚ ਇੰਟਰਨੈਸ਼ਨਲ ਪੰਥਕ ਦਲ ਦੇ ਆਗੂਆਂ ਨੇ ਵੀ ਗਏ ਜੱਥੇ ਵਿੱਚ ਆਪਣੀ ਹਾਜਰੀ ਭਰੀ ਤੇ ਸੰਸਦ ਅੱਗੇ ਖੇਤੀ ਕਨੂੰਨਾਂ ਖਿਲਾਫ਼ ਰੋਸ ਜਿਤਾਇਆ ਵਿਸ਼ੇਸ਼ ਗੱਲਬਾਤ ਕਰਦਿਆਂ ਇੰਟਰਨੈਸ਼ਨਲ ਪੰਥਕ ਦਲ ਦੇ ਆਲ ਇੰਡੀਆ ਕਨਵੀਨਰ ਜਥੇਦਾਰ ਹਰਚੰਦ ਸਿੰਘ ਚਕਰ ਨੇ ਕਿਹਾ ਕਿ ਅੱਜ ਨਹੀਂ ਤਾਂ ਕੱਲ ਕੇਂਦਰ ਦੀ ਮੋਦੀ ਸਰਕਾਰ ਨੂੰ ਆਪਣੇ ਹੱਥੀਂ ਲਿਆਂਦੇ ਖੇਤੀਬਾੜੀ ਕਾਲੇ ਕਨੂੰਨ ਰੱਦ ਕਰਨੇ ਹੀ ਪੈਣਗੇ, ਜੋ ਕਿਸਾਨਾਂ ਮਜ਼ਦੂਰਾਂ ਤੇ ਧੱਕੇ ਨਾਲ ਥੋਪੇ ਜਾ ਰਹੇ ਹਨ। ਉਹਨਾਂ ਅੱਗੇ ਕਿਹਾ ਕਿ ਦੇਸ਼ ਲਈ ਅੰਨ ਪੈਦਾ ਕਰਨ ਵਾਲੇ ਕਿਸਾਨਾਂ ਮਜ਼ਦੂਰਾਂ ਨਾਲ ਭਾਰਤ ਦੀ ਮੋਦੀ ਸਰਕਾਰ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ। ਤੇ ਪਿਛਲੇ 8 ਮਹੀਨਿਆਂ ਤੋਂ ਕਿਸਾਨ ਮਜ਼ਦੂਰ ਅਤੇ ਇਨਸਾਫ਼ ਪਸੰਦ ਲੋਕ ਦਿੱਲੀ ਦੇ ਬਾਰਡਰਾਂ ਤੇ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਹਨ। ਤੇ ਹੁਣ ਸੰਯੁਕਤ ਕਿਸਾਨ ਮੋਰਚੇ ਵੱਲੋਂ ਜੱਥੇ ਸੰਸਦ ਅੱਗੇ ਆਪਣੀ ਸੰਸਦ ਲਗਾਕੇ ਮਨਮੱਤੀ ਕੇਂਦਰ ਸਰਕਾਰ ਖਿਲਾਫ਼ ਖੇਤੀ ਕਨੂੰਨਾਂ ਨੂੰ ਰੱਦ ਕਰਵਾਉਣ ਲਈ ਅਵਾਜ਼ ਬਲੰਦ ਕਰ ਰਹੇ ਹਨ।
ਤਾਂ ਜੋ ਕੁੰਭਕਰਨੀ ਨੀਂਦ ਸੁੱਤੀ ਪਈ ਕੇਂਦਰ ਦੀ ਮੋਦੀ ਸਰਕਾਰ ਦੀ ਸ਼ਾਇਦ ਅੱਖ ਖੁੱਲ੍ਹ ਜਾਵੇ, ਜਥੇਦਾਰ ਹਰਚੰਦ ਸਿੰਘ ਚਕਰ ਨੇ ਕਿਹਾ ਕਿ ਕਿਸਾਨੀ ਅੰਦੋਲਨ ਵਿੱਚ ਤਕਰੀਬਨ 537 ਤੋਂ ਵੀ ਵੱਧ ਕਿਸਾਨਾਂ ਦੀਆਂ ਸ਼ਹੀਦੀਆਂ ਹੋ ਚੁੱਕੀਆਂ ਹਨ। ਪਰ ਹੰਕਾਰੀ ਹੋਈ ਕੇਂਦਰ ਸਰਕਾਰ ਨੇ ਹਾਅ ਦਾ ਨਾਅਰਾ ਤੱਕ ਨਹੀਂ ਮਾਰਿਆ, ਸਗੋਂ ਉੱਤੋਂ ਖੇਤੀਬਾੜੀ ਮੰਤਰੀ ਵੱਲੋਂ ਇਹ ਆਖਣਾ ਕਿ ਕਿਸਾਨੀ ਅੰਦੋਲਨ ਵਿੱਚ ਹੋਣ ਵਾਲੀਆਂ ਮੌਤਾਂ ਸਬੰਧੀ ਉਹਨਾਂ ਕੋਲ ਕੋਈ ਵੀ ਰਿਕਾਰਡ ਨਹੀਂ, ਅਜਿਹਾ ਆਖਣਾ ਬੇਹੱਦ ਨਿੰਦਣਯੋਗ ਹੈ। ਅੰਤ ਵਿੱਚ ਉਨ੍ਹਾਂ ਕਿਹਾ ਕਿ ਜਿੰਨਾ ਚਿਰ ਖੇਤੀ ਕਨੂੰਨ ਕੇਂਦਰ ਸਰਕਾਰ ਵਾਪਸ ਨਹੀਂ ਲੈਂਦੀ ਉਨ੍ਹਾਂ ਚਿਰ ਦੇਸ਼ ਦੇ ਮਿਹਨਤਕਸ਼ ਕਿਸਾਨ ਮਜਦੂਰ ਕਦੇ ਵੀ ਪਿੱਛੇ ਹਟਣ ਵਾਲੇ ਨਹੀਂ, ਇੰਟਰਨੈਸ਼ਨਲ ਪੰਥਕ ਦਲ ਦੇ ਜਿਲ੍ਹਾ ਲੁਧਿਆਣਾ ਤੋਂ ਪ੍ਰਧਾਨ ਭਾਈ ਹਰਕਿਸ਼ਨ ਸਿੰਘ ਕੋਠੇ ਜੀਵੇ (ਜਗਰਾਉਂ) ਨੇ ਕਿਹਾ ਕਿ ਖੇਤੀ ਕਨੂੰਨ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਲਈ ਖਤਰੇ ਦੀ ਘੰਟੀ ਹਨ। ਖੇਤੀ ਕਨੂੰਨਾਂ ਕਾਰਨ ਦੇਸ਼ ਵਿੱਚ ਪਬਲਿਕ ਦੇ ਭੁੱਖੇ ਮਰਨ ਵਾਲੇ ਹਾਲਾਤ ਪੈਦਾ ਹੋਣਗੇ, ਇਸ ਲਈ ਹਰ ਇਨਸਾਨ ਨੂੰ ਕਿਸਾਨੀ ਅੰਦੋਲਨ ਦਾ ਹਿੱਸਾ ਬਣਨਾ ਪਵੇਗਾ, ਇਸ ਮੌਕੇ ਹੋਰ ਵੀ ਸੰਘਰਸ਼ੀ ਯੋਧੇ ਹਾਜਰ ਸਨ।