ਖਿਡਾਰਨ ਕਮਲਪ੍ਰੀਤ ਕੌਰ ਨੂੰ ਆਪਣੀ ਕੁਰਸੀ ਤੇ ਬਿਠਾ ਕੇ ਦਿੱਤਾ ਸਤਿਕਾਰ–
ਮੁਹਾਲੀ/ਚੰਡੀਗੜ੍ਹ-(ਵਰਿਆਮ ਹਠੂਰ) ਟੋਕੀਓ ਓਲੰਪਿਕ ਵਿੱਚ ਡਿਸਕਸ ਥਰੋਅ ਖੇਡਾਂ ਵਿੱਚ ਸ਼ਾਨਦਾਰ ਖੇਡ ਪ੍ਰਦਰਸ਼ਨ ਕਰਨ ਵਾਲੀ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਕਬਰਵਾਲਾ ਦੀ ਰਹਿਣ ਵਾਲੀ ਖਿਡਾਰਨ ਪੰਜਾਬ ਦੀ ਧੀ ਕਮਲਪ੍ਰੀਤ ਕੌਰ ਅੱਜ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮੈਡਮ ਮੁਨੀਸ਼ਾ ਗੁਲਾਟੀ ਦੇ ਦਫਤਰ ਪਹੁੰਚੀ ਜਿੱਥੇ ਉਸ ਨੂੰ ਮੈਡਮ ਮੁਨੀਸ਼ਾ ਗੁਲਾਟੀ ਨੇ ਗੁਲਦਸਤਾ ਦੇ ਕੇ ਨਿੱਘਾ ਸਵਾਗਤ ਕੀਤਾ ਅਤੇ ਓਲੰਪਿਕ ਖਿਡਾਰਨ ਕਮਲਪ੍ਰੀਤ ਕੌਰ ਨੂੰ ਆਪਣੀ ਕੁਰਸੀ ਤੇ ਬਿਠਾ ਕੇ ਸਤਿਕਾਰ ਦਿੱਤਾ, ਚੇਅਰਪਰਸਨ ਮੈਡਮ ਮੁਨੀਸ਼ਾ ਗੁਲਾਟੀ ਨੇ ਕਿਹਾ ਕਿ ਸਾਨੂੰ ਮਾਣ ਹੈ। ਸਾਡੇ ਪੰਜਾਬ ਦੀਆਂ ਧੀਆਂ ਤੇ ਜੋ ਪੰਜਾਬ ਦਾ ਨਾਮ ਰੌਸ਼ਨ ਕਰ ਰਹੀਆਂ ਹਨ। ਖਿਡਾਰਨ ਕਮਲਪ੍ਰੀਤ ਕੌਰ ਨੂੰ ਮੈਂ ਆਪਣੀ ਕੁਰਸੀ ਤੇ ਬਿਠਾਇਆ ਸਤਿਕਾਰ ਦਿੱਤਾ ਕਿਉਂਕਿ ਸਾਡੀ ਬਹਾਦਰ ਧੀ ਇਸ ਦੀ ਹੱਕਦਾਰ ਹੈ। ਲੋਕ ਕਹਿੰਦੇ ਨੇ ਰੱਬਾ ਧੀ ਨਾਂ ਦੇਂਵੀ ਮੇਰਾ ਮੰਨਣਾ ਹੈ ਕਿ ਹਰ ਘਰ ਵਿੱਚ ਧੀ ਜਰੂਰ ਦੇਂਵੀ ਕਿਉਂਕਿ ਪੁੱਤ ਅਤੇ ਧੀ ਦੀ ਆਪੋ ਆਪਣੀ ਥਾਂ ਹੈ। ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦੀ ਹਾਂ ਕਿ ਵਾਹਿਗੁਰੂ ਇੰਨਾਂ ਧੀਆਂ ਨੂੰ ਹੋਰ ਤਰੱਕੀਆਂ ਬਖਸ਼ੇ ਤਾਂ ਜੋ ਇਹ ਧੀਆਂ ਹੋਰਨਾਂ ਲਈ ਵੀ ਰਾਹ ਦਸੇਰੀ ਬਣਨ, ਮੈਂ ਆਪਣੇ ਵੱਲੋਂ ਪੰਜਾਬ ਸਰਕਾਰ ਨੂੰ ਸਿਫਾਰਸ਼ ਕਰਾਂਗੀ ਕਿ ਪੰਜਾਬ ਦਾ ਨਾਮ ਚਮਕਾਉਣ ਵਾਲੀਆਂ ਧੀਆਂ ਨੂੰ ਹੋਰ ਅੱਗੇ ਲਿਆਂਦਾ ਜਾਵੇ ਤੇ ਉਹਨਾਂ ਨੂੰ ਤਰੱਕੀ ਦਿੱਤੀ ਜਾਵੇ ਜਿਹਨਾਂ ਦੀਆਂ ਉਹ ਹੱਕਦਾਰ ਹਨ। ਓਲੰਪਿਕ ਖਿਡਾਰਨ ਕਮਲਪ੍ਰੀਤ ਕੌਰ ਨੇ ਕਿਹਾ ਕਿ ਪੰਜਾਬ ਵਿੱਚ ਹੁਨਰ ਬਹੁਤ ਹੈ। ਤੇ ਇਸ ਨੂੰ ਨਿਖਾਰਨ ਅਤੇ ਅੱਗੇ ਲੈ ਕੇ ਆਉਣ ਲਈ ਧੀਆਂ ਨੂੰ ਮੌਕੇ ਦੇਣੇ ਚਾਹੀਦੇ ਹਨ। ਜੇ ਪੜ੍ਹਾਈ ਵਿੱਚ ਕਿਤੇ ਲੜਕਾ ਫੇਲ੍ਹ ਹੋ ਜਾਵੇ ਤਾਂ ਉਸ ਨੂੰ ਵਾਰ ਵਾਰ ਮੌਕਾ ਦਿੱਤਾ ਜਾਂਦਾ ਹੈ। ਪਰ ਜੇ ਲੜਕੀ ਫੇਲ੍ਹ ਹੋ ਜਾਵੇ ਤਾਂ ਉਸ ਨੂੰ ਸਕੂਲ ਵਿੱਚੋਂ ਹਟਾ ਲਿਆ ਜਾਂਦਾ ਹੈ। ਹੁਣ ਲੜਕੇ ਅਤੇ ਲੜਕੀਆਂ ਵਿੱਚ ਕੋਈ ਫਰਕ ਨਹੀਂ ਲੋਕਾਂ ਨੂੰ ਆਪਣੀ ਸੋਚ ਬਦਲਣੀ ਪਵੇਗੀ ਤੇ ਧੀਆਂ ਨੂੰ ਅੱਗੇ ਵਧਣ ਲਈ ਮੌਕੇ ਦੇਣੇ ਚਾਹੀਦੇ ਹਨ। ਅੰਤ ਵਿੱਚ ਚੇਅਰਪਰਸਨ ਮੁਨੀਸ਼ਾ ਗੁਲਾਟੀ ਵੱਲੋਂ ਖਿਡਾਰਨ ਕਮਲਪ੍ਰੀਤ ਕੌਰ ਨੂੰ ਸਨਮਾਨਿਤ ਕੀਤਾ ਤੇ ਹੌਸਲਾ ਦਿੱਤਾ, ਤੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਪੰਜਾਬ ਵਿੱਚ ਬਹੁਤ ਹੁਨਰ ਹੈ ਪਰ ਮਾਪਿਆਂ ਨੂੰ ਚਾਹੀਦਾ ਹੈ। ਕਿ ਉਹ ਧੀਆਂ ਨੂੰ ਅੱਗੇ ਵਧਣ ਵਿੱਚ ਧੀਆਂ ਦਾ ਸਾਥ ਦੇਣ ਤਾਂ ਜੋ ਧੀਆਂ ਪੰਜਾਬ ਤੇ ਦੇਸ਼ ਦਾ ਨਾਮ ਰੌਸ਼ਨ ਕਰਨ, ਜ਼ਿਕਰਯੋਗ ਹੈ ਕਿ ਓਲੰਪਿਕ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਤੋਂ ਬਾਅਦ ਵਾਪਸ ਪਰਤੀ ਓਲੰਪਿਕ ਖਿਡਾਰਨ ਕਮਲਪ੍ਰੀਤ ਕੌਰ ਦਾ ਜਿੱਥੇ ਬਟਾਲਾ ਵਿਖੇ ਵਧਾਇਕ, ਸਮਾਜ ਸੇਵੀ ਸੰਸਥਾਵਾਂ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ ਉੱਥੇ ਜਿਲ੍ਹੇ ਦੇ ਡੀ ਸੀ, ਐੱਸ ਐੱਸ ਪੀ ਸਮੇਤ ਪ੍ਰਸ਼ਾਸ਼ਨ ਵੱਲੋਂ ਵੀ ਕਮਲਪ੍ਰੀਤ ਕੌਰ ਦਾ ਸ਼ਾਨਦਾਰ ਸਵਾਗਤ ਕੀਤਾ ਸੀ ਤੇ ਪਿੰਡ ਵਿੱਚ ਵੀ ਕਮਲਪ੍ਰੀਤ ਕੌਰ ਦੇ ਘਰ ਰੌਣਕਾਂ ਲੱਗ ਗਈਆਂ ਸਨ। ਤੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਸੀ। ਤੇ ਢੋਲ ਤੇ ਡੱਗੇ ਵੀ ਲੱਗੇ ਸਨ। ਤੇ ਲੋਕਾਂ ਵੱਲੋਂ ਵੱਡਾ ਕਾਫਲਾ ਬੰਨ੍ਹ ਕੇ ਕਮਲਪ੍ਰੀਤ ਕੌਰ ਨੂੰ ਘਰ ਲਿਆਂਦਾ ਗਿਆ ਸੀ ਤੇ ਲੋਕਾਂ ਨੇ ਹਾਰ ਪਾ ਕੇ ਕਮਲਪ੍ਰੀਤ ਕੌਰ ਨੂੰ ਵੱਖ ਵੱਖ ਜਗ੍ਹਾ ਸ਼ਾਨਦਾਰ ਸਵਾਗਤ ਤੇ ਸਨਮਾਨਿਤ ਕੀਤਾ ਸੀ।